ਸੰਗਰੂਰ ‘ਚ ਅਵਾਰਾ ਕੁੱਤਿਆਂ ਦਾ ਕਹਿਰ, ਇਕੱਲੀ ਔਰਤ ‘ਤੇ ਜਾਨਲੇਵਾ ਹਮਲਾ — ਗੰਭੀਰ ਜਖ਼ਮੀ, ਲੋਕਾਂ ‘ਚ ਦਹਿਸ਼ਤ

ਸੰਗਰੂਰ ‘ਚ ਅਵਾਰਾ ਕੁੱਤਿਆਂ ਦਾ ਕਹਿਰ, ਇਕੱਲੀ ਔਰਤ ‘ਤੇ ਜਾਨਲੇਵਾ ਹਮਲਾ — ਗੰਭੀਰ ਜਖ਼ਮੀ, ਲੋਕਾਂ ‘ਚ ਦਹਿਸ਼ਤ

Author : Sunder Lal

Dec. 31, 2025 10:14 a.m. 221

ਸੰਗਰੂਰ ਵਿੱਚ ਅਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਸ਼ਹਿਰ ਦੀ ਪ੍ਰੇਮ ਬਸਤੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕੱਲੀ ਗਲੀ ਵਿਚੋਂ ਲੰਘ ਰਹੀ ਇੱਕ ਔਰਤ ‘ਤੇ ਅਵਾਰਾ ਕੁੱਤਿਆਂ ਦੇ ਝੁੰਡ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ‘ਚ ਔਰਤ ਗੰਭੀਰ ਤੌਰ ‘ਤੇ ਜਖ਼ਮੀ ਹੋ ਗਈ, ਜਿਸਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਇਸ ਵੇਲੇ ਇਲਾਜ ਅਧੀਨ ਹੈ।

ਮਿਲੀ ਜਾਣਕਾਰੀ ਮੁਤਾਬਕ, ਔਰਤ ਕਿਸੇ ਨਿੱਜੀ ਕੰਮ ਲਈ ਆਪਣੀ ਹੀ ਗਲੀ ਵਿੱਚੋਂ ਲੰਘ ਰਹੀ ਸੀ ਕਿ ਅਚਾਨਕ ਬਸਤੀ ‘ਚ ਘੁੰਮ ਰਹੇ ਅਵਾਰਾ ਕੁੱਤਿਆਂ ਨੇ ਉਸਨੂੰ ਘੇਰ ਲਿਆ। ਕੁੱਤਿਆਂ ਨੇ ਉਸ ‘ਤੇ ਹਮਲਾ ਕਰਦੇ ਹੋਏ ਉਸਨੂੰ ਜ਼ਮੀਨ ‘ਤੇ ਸੁੱਟ ਦਿੱਤਾ ਅਤੇ ਬੁਰੀ ਤਰ੍ਹਾਂ ਨੋਚਿਆ। ਔਰਤ ਦੀਆਂ ਚੀਖਾਂ ਸੁਣ ਕੇ ਮੁਹੱਲੇ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਕਿਸੇ ਤਰ੍ਹਾਂ ਉਸਨੂੰ ਕੁੱਤਿਆਂ ਤੋਂ ਬਚਾਇਆ।

ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਵਾਸੀਆਂ ਦਾ ਕਹਿਣਾ ਹੈ ਕਿ ਅਵਾਰਾ ਕੁੱਤਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ, ਪਰ ਨਗਰ ਕੌਂਸਲ ਅਤੇ ਪ੍ਰਸ਼ਾਸ਼ਨ ਵੱਲੋਂ ਕੋਈ ਢੁੱਕਵੇਂ ਕਦਮ ਨਹੀਂ ਚੁੱਕੇ ਜਾ ਰਹੇ।

ਪੀੜਤ ਔਰਤ ਨੇ ਆਪਣੀ ਹੱਡਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਜੇ ਮੁਹੱਲੇ ਦੇ ਲੋਕ ਸਮੇਂ ‘ਤੇ ਨਾ ਪਹੁੰਚਦੇ ਤਾਂ ਉਸਦੀ ਜਾਨ ਵੀ ਜਾ ਸਕਦੀ ਸੀ। ਉਸਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਅਵਾਰਾ ਕੁੱਤਿਆਂ ਦੇ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।

ਇਲਾਕੇ ਦੇ ਲੋਕਾਂ ਨੇ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਕਾਰਵਾਈ ਕਰਕੇ ਅਵਾਰਾ ਕੁੱਤਿਆਂ ਨੂੰ ਕਾਬੂ ਕੀਤਾ ਜਾਵੇ, ਨਹੀਂ ਤਾਂ ਆਉਣ ਵਾਲੇ ਦਿਨਾਂ ‘ਚ ਹੋਰ ਵੀ ਵੱਡੇ ਹਾਦਸੇ ਵਾਪਰ ਸਕਦੇ ਹਨ।

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਸ਼ਹਿਰੀ ਪੰਜਾਬ अपडेट्स