ਕੈਲੀਫੋਰਨੀਆ ‘ਚ 4.9 ਤੀਬਰਤਾ ਦਾ ਭੂਚਾਲ, ਲਗਾਤਾਰ ਝਟਕਿਆਂ ਨੇ ਵੱਡੇ ਭੂਚਾਲ ਦੀ ਚਿੰਤਾ ਵਧਾਈ

ਕੈਲੀਫੋਰਨੀਆ ‘ਚ 4.9 ਤੀਬਰਤਾ ਦਾ ਭੂਚਾਲ, ਲਗਾਤਾਰ ਝਟਕਿਆਂ ਨੇ ਵੱਡੇ ਭੂਚਾਲ ਦੀ ਚਿੰਤਾ ਵਧਾਈ

Post by : Raman Preet

Dec. 31, 2025 5:20 p.m. 221

ਕੈਲੀਫੋਰਨੀਆ : ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਮੰਗਲਵਾਰ ਰਾਤ ਨੂੰ 4.9 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ। ਪਹਿਲਾਂ ਇਸ ਭੂਚਾਲ ਦੀ ਤੀਬਰਤਾ 5.3 ਮੰਨੀ ਜਾ ਰਹੀ ਸੀ, ਪਰ ਬਾਅਦ ਵਿੱਚ ਅਮਰੀਕੀ ਜਿਓਲੌਜੀਕਲ ਸਰਵੇ (USGS) ਨੇ ਇਸਨੂੰ 4.9 ਦਰਜ ਕੀਤਾ।

ਯੂਐਸਜੀਐਸ ਮੁਤਾਬਕ, ਭੂਚਾਲ ਦਾ ਕੇਂਦਰ ਕੈਲੀਫੋਰਨੀਆ ਦੇ ਲਾਸਨ ਕਾਉਂਟੀ ਦੇ ਸ਼ਹਿਰ ਸੁਜ਼ਨਵਿਲ ਤੋਂ ਲਗਭਗ 9.9 ਮੀਲ ਉੱਤਰ-ਪੂਰਬ ਵੱਲ ਸੀ। ਭੂਚਾਲ ਧਰਤੀ ਤੋਂ ਕਰੀਬ 4.7 ਕਿਲੋਮੀਟਰ ਦੀ ਗਹਿਰਾਈ ‘ਤੇ ਆਇਆ ਅਤੇ ਸਥਾਨਕ ਸਮੇਂ ਅਨੁਸਾਰ ਰਾਤ 9:49 ਵਜੇ ਦਰਜ ਕੀਤਾ ਗਿਆ।

ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਪੁਸ਼ਟੀ ਨਹੀਂ ਹੋਈ। ਪੁਲਿਸ ਡਿਸਪੈਚਰ ਟ੍ਰੇਸੀ ਮੈਟਰਨ ਨੇ ਭੂਚਾਲ ਨੂੰ “ਇੱਕ ਛੋਟੀ ਗੜਗੜਾਹਟ” ਦੱਸਿਆ। ਇਹ ਖੇਤਰ ਕੈਲੀਫੋਰਨੀਆ ਦੀਆਂ ਵੱਡੀਆਂ ਫਾਲਟ ਲਾਈਨਾਂ ਤੋਂ ਪੂਰਬ ਵੱਲ ਸਥਿਤ ਹੈ, ਹਾਲਾਂਕਿ ਨੇੜਲੇ ਇਲਾਕਿਆਂ ਵਿੱਚ ਹੈਟ ਕ੍ਰੀਕ ਫਾਲਟ ਵਰਗੀਆਂ ਕਈ ਸਰਗਰਮ ਫਾਲਟ ਲਾਈਨਾਂ ਮੌਜੂਦ ਹਨ।

ਇਹ ਸਪਸ਼ਟ ਨਹੀਂ ਹੋ ਸਕਿਆ ਕਿ ਭੂਚਾਲ ਕਿਸ ਫਾਲਟ ਕਾਰਨ ਆਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਵੀ ਸੁਜ਼ਨਵਿਲ ਦੇ ਉੱਤਰ-ਪੱਛਮ ਵਿੱਚ 4.7 ਤੀਬਰਤਾ ਦਾ ਭੂਚਾਲ ਮਹਿਸੂਸ ਕੀਤਾ ਗਿਆ ਸੀ।

ਅਮਰੀਕੀ ਮੀਡੀਆ ਮੁਤਾਬਕ, ਪਿਛਲੇ ਇੱਕ ਮਹੀਨੇ ਦੌਰਾਨ ਇਸੇ ਖੇਤਰ ਵਿੱਚ 300 ਤੋਂ ਵੱਧ ਭੂਚਾਲ ਆ ਚੁੱਕੇ ਹਨ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਕਿ ਕਿਤੇ ਕੋਈ ਵੱਡਾ ਭੂਚਾਲ ਨਾ ਆ ਜਾਵੇ।

ਭੂਚਾਲੀ ਸਰਗਰਮੀ ਦਾ ਕੇਂਦਰ ਈਸਟ ਬੇ ਦੇ ਸੈਨ ਰਾਮਨ ਖੇਤਰ ਨੂੰ ਮੰਨਿਆ ਜਾ ਰਿਹਾ ਹੈ, ਜੋ ਕਿ ਸੈਨ ਐਂਡਰੀਅਸ ਫਾਲਟ ਸਿਸਟਮ ਦੀ ਸਰਗਰਮ ਸ਼ਾਖਾ ਕੈਲਾਵੇਰਸ ਫਾਲਟ ‘ਤੇ ਸਥਿਤ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਫਾਲਟ 6.7 ਤੀਬਰਤਾ ਦਾ ਭੂਚਾਲ ਲਿਆ ਸਕਦੀ ਹੈ, ਜਿਸ ਨਾਲ ਸੈਨ ਫਰਾਂਸਿਸਕੋ ਬੇ ਏਰੀਆ ਦੇ ਲੱਖਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ।

ਯੂਐਸਜੀਐਸ ਦੇ ਅਨੁਸਾਰ, 2043 ਤੱਕ 72 ਫੀਸਦੀ ਸੰਭਾਵਨਾ ਹੈ ਕਿ ਬੇ ਏਰੀਆ ਵਿੱਚ ਇੱਕ ਵੱਡਾ ਭੂਚਾਲ ਆ ਸਕਦਾ ਹੈ। ਸੀਸਮੋਲੋਜਿਸਟ ਐਨੀਮੇਰੀ ਬਾਲਟੇ ਨੇ ਕਿਹਾ,"ਬੇ ਏਰੀਆ ਵਿੱਚ ਵੱਡਾ ਭੂਚਾਲ ਆਉਣਾ ਤੈਅ ਹੈ, ਪਰ ਇਹ ਕਦੋਂ ਅਤੇ ਕਿੱਥੇ ਆਵੇਗਾ, ਇਸ ਬਾਰੇ ਅਜੇ ਸਹੀ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਇਸ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ।"

#ਜਨ ਪੰਜਾਬ #ਪੰਜਾਬ ਖ਼ਬਰਾਂ #latest news punjab #jan punjab news
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਅਰਬ ਦੇਸ਼ अपडेट्स