Spain Train Crash: ਸਪੇਨ ‘ਚ ਦੋ ਹਾਈ-ਸਪੀਡ ਟ੍ਰੇਨਾਂ ਦੀ ਭਿਆਨਕ ਟੱਕਰ, 21 ਮੌਤਾਂ

Spain Train Crash: ਸਪੇਨ ‘ਚ ਦੋ ਹਾਈ-ਸਪੀਡ ਟ੍ਰੇਨਾਂ ਦੀ ਭਿਆਨਕ ਟੱਕਰ, 21 ਮੌਤਾਂ

Post by : Jan Punjab Bureau

Jan. 19, 2026 10 a.m. 248

ਦੱਖਣੀ ਸਪੇਨ ਵਿੱਚ ਐਤਵਾਰ ਸਵੇਰੇ ਇੱਕ ਰੂਹ ਕੰਬਾਉਂਦਾ ਰੇਲ ਹਾਦਸਾ ਵਾਪਰਿਆ, ਜਿਸ ਨੇ ਪੂਰੇ ਦੇਸ਼ ਨੂੰ ਸੋਗ ਵਿੱਚ ਡੁਬੋ ਦਿੱਤਾ। ਕੋਰਡੋਬਾ ਸ਼ਹਿਰ ਦੇ ਨੇੜਲੇ ਅਦਮੁਜ਼ ਖੇਤਰ ਵਿੱਚ ਦੋ ਹਾਈ-ਸਪੀਡ ਟ੍ਰੇਨਾਂ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 100 ਤੋਂ ਵੱਧ ਯਾਤਰੀ ਜ਼ਖਮੀ ਹੋ ਗਏ ਹਨ, ਜਿਨ੍ਹਾਂ ਵਿੱਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ, ਮਾਲਾਗਾ ਤੋਂ ਮੈਡ੍ਰਿਡ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲਗੱਡੀ ਅਚਾਨਕ ਪਟੜੀ ਤੋਂ ਉਤਰ ਗਈ ਅਤੇ ਦੂਜੇ ਟ੍ਰੈਕ ‘ਤੇ ਚਲੀ ਗਈ। ਓਸੇ ਸਮੇਂ ਸਾਹਮਣੇ ਤੋਂ ਆ ਰਹੀ ਹੋਰ ਹਾਈ-ਸਪੀਡ ਟ੍ਰੇਨ ਨਾਲ ਇਸ ਦੀ ਭਿਆਨਕ ਟੱਕਰ ਹੋ ਗਈ। ਦੋਵੇਂ ਟ੍ਰੇਨਾਂ ਵਿੱਚ ਮਿਲਾ ਕੇ ਕਰੀਬ 400 ਯਾਤਰੀ ਸਵਾਰ ਸਨ।

ਹਾਦਸਾ ਟ੍ਰੇਨ ਦੇ ਰਵਾਨਾ ਹੋਣ ਤੋਂ ਸਿਰਫ਼ ਦਸ ਮਿੰਟ ਬਾਅਦ ਹੀ ਵਾਪਰਿਆ। ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਟ੍ਰੇਨ ਪਟੜੀ ਤੋਂ ਉਤਰੀ, ਉਹ ਟ੍ਰੈਕ ਸਿੱਧਾ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਸ ਦੀ ਮੁਰੰਮਤ ਕੀਤੀ ਗਈ ਸੀ। ਇਸ ਕਾਰਨ ਹਾਦਸੇ ਦੇ ਕਾਰਨ ਨੂੰ ਲੈ ਕੇ ਕਈ ਸਵਾਲ ਖੜੇ ਹੋ ਰਹੇ ਹਨ।

ਹਾਦਸੇ ਵਾਲੀ ਥਾਂ ‘ਤੇ ਟ੍ਰੇਨਾਂ ਦੇ ਡੱਬੇ ਬੁਰੀ ਤਰ੍ਹਾਂ ਕੁਚਲੇ ਹੋਏ ਨਜ਼ਰ ਆਏ। ਕਈ ਯਾਤਰੀ ਡੱਬਿਆਂ ਵਿੱਚ ਫਸ ਗਏ, ਜਿਨ੍ਹਾਂ ਨੂੰ ਕੱਢਣ ਲਈ ਰੈਸਕਿਊ ਟੀਮਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਚਾਅ ਕਾਰਜਾਂ ਦੌਰਾਨ ਕਈ ਵਾਰ ਮ੍ਰਿਤਕਾਂ ਦੇ ਸ਼ਰੀਰ ਹਟਾ ਕੇ ਜ਼ਖ਼ਮੀਆਂ ਤੱਕ ਪਹੁੰਚ ਬਣਾਈ ਗਈ।

ਹਾਦਸੇ ਤੋਂ ਬਾਅਦ ਮੈਡ੍ਰਿਡ ਅਤੇ ਅੰਡਾਲੂਸੀਆ ਦਰਮਿਆਨ ਸਾਰੀਆਂ ਰੇਲ ਸੇਵਾਵਾਂ ਅਸਥਾਈ ਤੌਰ ‘ਤੇ ਰੋਕ ਦਿੱਤੀਆਂ ਗਈਆਂ ਹਨ। ਪ੍ਰਭਾਵਿਤ ਪਰਿਵਾਰਾਂ ਲਈ ਮਦਦ ਕੇਂਦਰ ਬਣਾਏ ਗਏ ਹਨ ਅਤੇ ਜ਼ਖ਼ਮੀਆਂ ਦਾ ਇਲਾਜ ਨਜ਼ਦੀਕੀ ਹਸਪਤਾਲਾਂ ਵਿੱਚ ਜਾਰੀ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਸਲ ਕਾਰਨ ਸਾਹਮਣੇ ਆਉਣ ਵਿੱਚ ਕੁਝ ਹਫ਼ਤੇ ਲੱਗ ਸਕਦੇ ਹਨ। ਦੇਸ਼ ਭਰ ਵਿੱਚ ਇਸ ਹਾਦਸੇ ਨੂੰ ਲੈ ਕੇ ਗਹਿਰਾ ਦੁੱਖ ਅਤੇ ਚਿੰਤਾ ਦਾ ਮਾਹੌਲ ਹੈ।

#World News #ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਵਿਦੇਸ਼ - ਦੁਨੀਆ ਦੀਆਂ ਖ਼ਬਰਾਂ अपडेट्स