ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿੱਚ ਲੱਗ ਰਹੇ ਟਰੈਫਿਕ ਜਾਮ ਦੀ ਗੰਭੀਰ ਸਮੱਸਿਆ ਦਾ ਪ੍ਰਭਾਵਸ਼ਾਲੀ ਹੱਲ

ਅੰਮ੍ਰਿਤਸਰ ਟ੍ਰੈਫਿਕ ਪੁਲਿਸ ਵੱਲੋਂ ਸ਼ਹਿਰ ਵਿੱਚ ਲੱਗ ਰਹੇ ਟਰੈਫਿਕ ਜਾਮ ਦੀ ਗੰਭੀਰ ਸਮੱਸਿਆ ਦਾ ਪ੍ਰਭਾਵਸ਼ਾਲੀ ਹੱਲ

Author : Vikramjeet Singh

Dec. 19, 2025 6:02 p.m. 515

ਰਿਪੋਰਟ: ਵਿਕਰਮਜੀਤ ਸਿੰਘ | ਅੰਮ੍ਰਿਤਸਰ 

ਅੰਮ੍ਰਿਤਸਰ ਸ਼ਹਿਰ ਵਿੱਚ ਲਗਾਤਾਰ ਵੱਧ ਰਹੀ ਟਰੈਫਿਕ ਜਾਮ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਅੰਮ੍ਰਿਤਸਰ ਟਰੈਫਿਕ ਪੁਲਿਸ ਵੱਲੋਂ ਇੱਕ ਵੱਡੀ, ਪ੍ਰਭਾਵਸ਼ਾਲੀ ਅਤੇ ਸਰਾਹਣਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਅੱਜ ਮਿਤੀ 19 ਦਸੰਬਰ 2025 ਨੂੰ ਮਾਣਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ (IPS) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ੍ਰੀਮਤੀ ਅਮਨਦੀਪ ਕੌਰ (PPS), ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਟਰੈਫਿਕ) ਅੰਮ੍ਰਿਤਸਰ ਵੱਲੋਂ ਟਰੈਫਿਕ ਜੋਨ ਇੰਚਾਰਜਾਂ ਨਾਲ ਮਿਲ ਕੇ ਸ਼ਹਿਰ ਦੇ ਸਭ ਤੋਂ ਭੀੜਭਾੜ ਵਾਲੇ ਇਲਾਕਿਆਂ ਵਿੱਚ ਮੌਕੇ ’ਤੇ ਪਹੁੰਚ ਕੇ ਟਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ ਗਿਆ ਅਤੇ ਤੁਰੰਤ ਕਾਰਗਰ ਕਦਮ ਚੁੱਕੇ ਗਏ।

ਇਸ ਵਿਸ਼ੇਸ਼ ਮੁਹਿੰਮ ਦੌਰਾਨ ਰਿਆਲਟੋ ਚੌਕ ਤੋਂ ਅਸ਼ੋਕਾ ਚੌਕ, ਸ਼ਿਮਲਾ ਪ੍ਰਿੰਟਿੰਗ ਪ੍ਰੈਸ, ਸਾਇਕਲ ਮਾਰਕੀਟ (ਰੇਲਵੇ ਸਟੇਸ਼ਨ ਨੇੜੇ), ਲਿਬਰਟੀ ਮਾਰਕੀਟ ਤੋਂ ਵਾਪਸ ਰਿਆਲਟੋ ਚੌਕ ਤੱਕ ਦੇ ਸਾਰੇ ਮੁੱਖ ਰਸਤੇ ਕਵਰ ਕੀਤੇ ਗਏ। ਇਨ੍ਹਾਂ ਇਲਾਕਿਆਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ-ਫੜੀ ਵਾਲਿਆਂ ਵੱਲੋਂ ਸੜਕਾਂ ਅਤੇ ਫੁੱਟਪਾਥਾਂ ’ਤੇ ਕੀਤੀ ਗਈ ਨਾਜਾਇਜ਼ ਇਨਕਰੋਚਮੈਂਟ ਟਰੈਫਿਕ ਜਾਮ ਦਾ ਵੱਡਾ ਕਾਰਨ ਬਣੀ ਹੋਈ ਸੀ।

ਟਰੈਫਿਕ ਪੁਲਿਸ ਦੀ ਟੀਮ ਵੱਲੋਂ ਸਖ਼ਤੀ ਨਾਲ ਇਨਕਰੋਚਮੈਂਟ ਹਟਾ ਕੇ ਸੜਕਾਂ ਨੂੰ ਖੁੱਲ੍ਹਾ ਕਰਵਾਇਆ ਗਿਆ, ਜਿਸ ਨਾਲ ਟਰੈਫਿਕ ਦੀ ਰਵਾਨੀ ਮੁੜ ਸੁਚੱਜੀ ਹੋ ਗਈ ਅਤੇ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ।

ਇਸ ਤੋਂ ਇਲਾਵਾ ਨਿਊ ਅੰਮ੍ਰਿਤਸਰ ਚੌਕ, ਜਿੱਥੇ ਫਲਾਈਓਵਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ, ਉਥੇ ਪੈਦਾ ਹੋ ਰਹੀਆਂ ਟਰੈਫਿਕ ਸਮੱਸਿਆਵਾਂ ਦਾ ਵੀ ਤੁਰੰਤ ਨਿਪਟਾਰਾ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ ਪੁਲਿਸ ਟਰੈਫਿਕ ਵੱਲੋਂ ਉਸਾਰੀ ਕੰਮ ਨਾਲ ਜੁੜੇ ਠੇਕੇਦਾਰ ਨਾਲ ਵਿਸ਼ੇਸ਼ ਮੀਟਿੰਗ ਕਰਕੇ ਚੌਕ ਦੇ ਦੋਨੋ ਪਾਸਿਆਂ ਬਣੀਆਂ ਸਲਿਪ ਰੋਡਾਂ ਦੀ ਮੁਰੰਮਤ ਕਰਵਾਈ ਗਈ ਅਤੇ ਉਨ੍ਹਾਂ ਨੂੰ ਆਮ ਲੋਕਾਂ ਲਈ ਖੋਲ੍ਹ ਦਿੱਤਾ ਗਿਆ, ਜਿਸ ਨਾਲ ਟਰੈਫਿਕ ਦਾ ਦਬਾਅ ਕਾਫ਼ੀ ਹੱਦ ਤੱਕ ਘਟ ਗਿਆ।

ਟਰੈਫਿਕ ਪੁਲਿਸ ਅਧਿਕਾਰੀਆਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸੜਕਾਂ ਅਤੇ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ ਨਾ ਕਰਨ, ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਅੰਮ੍ਰਿਤਸਰ ਨੂੰ ਟਰੈਫਿਕ ਜਾਮ ਦੀ ਸਮੱਸਿਆ ਤੋਂ ਮੁਕਤ ਰੱਖਿਆ ਜਾ ਸਕੇ।

ਅੰਮ੍ਰਿਤਸਰ ਟਰੈਫਿਕ ਪੁਲਿਸ ਦੀ ਇਹ ਮੁਹਿੰਮ ਸ਼ਹਿਰ ਵਿੱਚ ਸੁਚੱਜੀ ਟਰੈਫਿਕ ਵਿਵਸਥਾ ਕਾਇਮ ਕਰਨ ਵੱਲ ਇੱਕ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਕਦਮ ਸਾਬਤ ਹੋ ਰਹੀ ਹੈ, ਜਿਸ ਦੀ ਆਮ ਲੋਕਾਂ ਵੱਲੋਂ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ।

#ਜਨ ਪੰਜਾਬ #ਪੰਜਾਬ ਖ਼ਬਰਾਂ
Articles
Sponsored
Trending News

ਜਨਪੰਜਾਬ – ਪੰਜਾਬ ਤੋਂ ਦੁਨੀਆ ਤੱਕ, ਪੰਜਾਬ - ਮਾਝਾ अपडेट्स